ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਤੋਂ 326 ਕਰੋੜ ਰੁਪਏ ’ਮਾਮਲਾ’ ਇਕੱਤਰ ਕਰਨ ਲਈ ਨਿਰਦੇਸ਼ ਦੇਣ ’ਤੇ ਆਪ ਸਰਕਾਰ ਦੀ ਕੀਤੀ ਨਿਖੇਧੀ
ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਨਹਿਰੀ ਸਿੰਜਾਈ ’ਤੇ ਵਾਟਰ ਸੈਸ ਕੀਤਾ ਸੀ ਖਤਮ ਵੱਡੀ ਗਿਣਤੀ ’ਚ ਆਪ ਤੇ ਕਾਂਗਰਸ ਆਗੂਆਂ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਕੀਤਾ ਸਵਾਗਤ. ਜੀਵਨ ਗੁਪਤਾ/ਪਰਵੀਨ ਕੁਮਾਰ
ਬਠਿੰਡਾ (RNI) ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕਰਨ ਅਤੇ ਸਾਰੀਆਂ ਫਸਲਾਂ ’ਤੇ ਐਮ ਐਸ ਪੀ ਦੇਣ ਦੇ ਵਾਅਦੇ ਤੋਂ ਭੱਜਣ ਮਗਰੋਂ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕਿਸਾਨਾਂ ਤੋਂ 326 ਕਰੋੜ ਰੁਪਏ ’ਮਾਮਲਾ’ ਯਾਨੀ ਵਾਟਰ ਸੈਸ ਵਸੂਲਣ ਦੇ ਹੁਕਮ ਜਾਰੀ ਕੀਤੇ ਹਨ।
ਬਠਿੰਡਾ ਦੇ ਐਮ ਪੀ, ਜੋ ਮੌੜ ਵਿਧਾਨ ਸਭਾ ਹਲਕੇ ਦੇ ਦੌਰੇ ’ਤੇ ਸਨ, ਨੇ ਜਲ ਸਰੋਤ ਵਿਭਾਗ ਦੇ ਚੀਫ ਇੰਜੀਨੀਅਰ ਵੱਲੋਂ ਅਧਿਕਾਰੀਆਂ ਨੂੰ ਜਾਰੀ ਕੀਤਾ ਪੱਤਰ ਵਿਖਾਇਆ ਜਿਸ ਵਿਚ ਕਿਸਾਨਾਂ ਤੋਂ 326 ਕਰੋੜ ਰੁਪਏ ’ਮਾਮਲਾ’ ਵਸੂਲਣ ਦੇ ਹੁਕਮ ਜਾਰੀ ਕੀਤੇ ਗਏ ਸਨ।
ਇਸਨੂੰ ਇਕ ਧੱਕੇਸ਼ਾਹੀ ਵਾਲੀ ਕਾਰਵਾਈ ਕਰਾਰ ਦਿੰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਨੇ ਨਹਿਰੀ ਸਿੰਜਾਈ ਦਾ ’ਮਾਮਲਾ’ ਖਤਮ ਕੀਤਾ ਸੀ ਤੇ ਹੁਣ ਨਾ ਸਿਰਫ ਇਸਨੂੰ ਲਾਗੂ ਕੀਤਾ ਜਾ ਰਿਹਾ ਹੈ ਬਲਕਿ ਧੱਕੇ ਨਾਲ ਵਸੂਲੀ ਕੀਤੀ ਜਾ ਰਹੀ ਹੈ।
ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨ ਨਹਿਰੀ ਸਿੰਜਾਈ ਲਈ ਵਾਟਰ ਸੈਸ ਦੇਣ ਦੇ ਸਮਰਥ ਨਹੀਂ ਹਨ। ਸੂਬੇ ਵਿਚ ਕਿਸਾਨਾਂ ਖਾਸ ਤੌਰ ’ਤੇ ਮਾਲਵਾ ਪੱਟੀ ਦੇ ਕਿਸਾਨ ਪਹਿਲਾਂ ਹੀ ਨਰਮੇ ਦੇ ਚਿੱਟੀ ਮੱਖੀ ਨਾਲ ਹਮਲੇ ਅਤੇ ਗੜ੍ਹੇਮਾਰੀ ਕਾਰਣ ਹੋਏ ਨੁਕਸਾਨ ਦਾ ਆਪ ਸਰਕਾਰ ਵੱਲੋਂ ਮੁਆਵਜ਼ਾ ਦੇਣ ਤੋਂ ਇਨਕਾਰ ਕਰਨ ਕਾਰਨ ਆਰਥਿਕ ਤੌਰ ’ਤੇ ਟੁੱਟੇ ਹੋਏ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਦਾਲਾਂ ਤੇ ਮੱਕੀ ਸਮੇਤ ਉਹਨਾਂ ਦੀਆਂ ਸਾਰੀਆਂ ਫਸਲਾਂ ਐਮ ਐਸ ਪੀ ’ਤੇ ਖਰੀਦੀਆਂ ਜਾਣਗੀਆਂ ਪਰ ਅਜਿਹਾ ਨਾ ਹੋਣ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।
ਸਰਦਾਰਨੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਚੋਣਾਂ ਵਿਚ ਕਿਸਾਨ ਵਿਰੋਧੀ ਆਪ ਪਾਰਟੀ ਦੇ ਖਿਲਾਫ ਵੋਟਾਂ ਪਾਉਣ। ਉਹਨਾਂ ਕਿਹਾ ਕਿ ਅਕਾਲੀ ਦਲ ਯਕੀਨੀ ਬਣਾਏਗਾ ਕਿ ਇਸ ਕਿਸਾਨ ਵਿਰੋਧੀ ਫੈਸਲੇ ਨੂੰ ਲਾਗੂ ਨਾ ਕੀਤਾ ਜਾ ਸਕੇ।
ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਨਵੀਂ ਹਦਾਇਤ ਉਦੋਂ ਦਿੱਤੀ ਗਈ ਹੈ ਜਦੋਂ ਪਹਿਲਾਂ ਹੀ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹ ਕੇ ਐਸ ਵਾਈ ਐਲ ਰਾਹੀਂ ਹਰਿਆਣਾ ਤੇ ਰਾਜਸਥਾਨ ਨੂੰ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਦਾਇਤ ’ਤੇ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਵਿਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਨਹਿਰੀ ਪਟਵਾਰੀਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਰਿਕਾਰਡ ਵਿਚ ਜਾਅਲੀ ਐਂਟਰੀਆਂ ਪਾ ਕੇ ਵਿਖਾਉਣ ਕਿ ਵੱਡੀ ਪੱਧਰ ’ਤੇ ਖੇਤੀਬਾੜੀ ਜ਼ਮੀਨ ਜੋ ਅਸਲ ਵਿਚ ਨਹਿਰੀ ਪਾਣੀ ਨਾਲ ਸਿੰਜੀ ਨਹੀਂ ਜਾ ਰਹੀ, ਨੂੰ ਨਹਿਰੀ ਪਾਣੀ ਨਾਲ ਸਿੰਜਿਆ ਗਿਆ ਹੈ ਤੇ ਅਜਿਹਾ ਕਰ ਕੇ ਇਹ ਦਰਸਾਇਆ ਜਾ ਰਿਹਾ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਹੈ।
ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਇਸ ਸਾਜ਼ਿਸ਼ ਨੂੰ ਕਦੇ ਸਫਲ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਅਸੀਂ ਆਪਣੀਆਂ ਜਾਨਾਂ ਵਾਰ ਦਿਆਂਗੇ ਪਰ ਸੂਬੇ ਨੂੰ ਕਦੇ ਬੰਜਰ ਨਹੀਂ ਹੋਣ ਦਿਆਂਗੇ। ਉਹਨਾਂ ਨੇ ਸਰਕਾਰ ਦਾ ਕਹਿਣਾ ਨਾ ਮੰਨਣ ’ਤੇ ਸਸਪੈਂਡ ਹੋਏ ਨਹਿਰੀ ਪਟਵਾਰੀਆਂ ਨਾਲ ਇਕਜੁੱਟਤਾ ਵੀ ਪ੍ਰਗਟਾਈ।
ਇਸ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਆਪ ਤੇ ਕਾਂਗਰਸ ਦੇ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸ਼ਾਮਲ ਹੋਣ ਵਾਲਿਆਂ ਵਿਚ ਆਪ ਦੇ ਜੁਆਇੰਟ ਸਕੱਤਰ ਪਰਮਿੰਦਰ ਕੌਰ, ਕਾਂਗਰਸ ਦੇ ਮੀਤ ਪ੍ਰਧਾਨ ਸ਼ੀਲਾ ਦੇਵੀ, ਐਮ ਸੀ ਅਸ਼ਵਨੀ ਬੰਟੀ, ਰਚਨਾ ਓਬਰਾਏ ਸਾਬਕਾ ਕੌਂਸਲਰ ਤੇ ਜੋਧਪੁਰ ਪਾਖਰ ਮੈਂਬਰ ਪੰਚਾਇਤ ਜਗਜੀਤ ਸਿੰਘ ਸ਼ਾਮਲ ਹਨ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਜਨਮੇਜਾ ਸਿੰਘ ਸੇਖੋਂ ਵੀ ਬਠਿੰਡਾ ਐਮ ਪੀ ਦੇ ਚੋਣ ਦੌਰੇ ਵੇਲੇ ਉਹਨਾਂ ਦੇ ਨਾਲ ਸਨ।
Follow RNI News Channel on WhatsApp: https://whatsapp.com/channel/0029VaBPp7rK5cD6XB2
What's Your Reaction?