ਸੁਖਬੀਰ ਸਿੰਘ ਬਾਦਲ ਨੇ ਗੜ੍ਹੇਮਾਰੀ ਕਾਰਨ ਪ੍ਰਭਾਵਤ ਹੋਏ ਕਿਸਾਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡਣ ਲਈ
ਆਪ ਸਰਕਾਰ ਦੀ ਕੀਤੀ ਨਿਖੇਧੀ ਪ੍ਰਭਾਵਤ ਕਿਸਾਨਾਂ ਨਾਲ ਕੀਤੀ ਮੁਲਾਕਾਤ, ਪ੍ਰਤੀ ਏਕੜ 25 ਹਜ਼ਾਰ ਰੁਪਏ ਫੌਰੀ ਅੰਤਰਿਮ ਮੁਆਵਜ਼ਾ ਦੇਣ ਦੀ ਕੀਤੀ ਮੰਗ। (ਜੀਵਨ ਗੁਪਤਾ/ਪਰਵੀਨ ਕੁਮਾਰ)
ਬਠਿੰਡਾ (RNI) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦੋ ਦਿਨ ਪਹਿਲਾਂ ਹੋਈ ਭਿਆਨਕ ਗੜ੍ਹੇਮਾਰੀ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਪ੍ਰਭਾਵਤ ਕਿਸਾਨਾਂ ਨੂੰ ਫੌਰੀ 25 ਹਜ਼ਾਰ ਰੁਪਏ ਦੀ ਅੰਤਰਿਮ ਰਾਹਤ ਦਿੱਤੀ ਜਾਵੇ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਿੰਡ ਚੱਕ ਅਤਰ ਸਿੰਘ ਵਾਲਾ, ਨੰਦਗੜ੍ਹ, ਬਾਜਕ, ਸਰਦਾਰਗੜ੍ਹ, ਕਰਮਗੜ੍ਹ ਸ਼ਤਰਾ, ਵਿਰਕ ਖੁਰਦ, ਬੁਰਜ ਮਹਿਮਾ, ਮਹਿਮਾ ਭਗਵਾਨਾਂ, ਮਹਿਮਾ ਸਰਕਾਰੀ ਅਤੇ ਮਹਿਮਾ ਸਵਾਈ ਪਿੰਡਾਂ ਦਾ ਦੌਰਾ ਕੀਤਾ, ਨੇ ਕਿਹਾ ਕਿ ਪਿੰਡਾਂ ਵਾਲਿਆਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਨਾ ਤਾਂ ਕੋਈ ਆਪ ਵਿਧਾਇਕ ਤੇ ਨਾ ਹੀ ਖੇਤੀਬਾੜੀ ਮੰਤਰੀ ਹੁਣ ਤੱਕ ਉਹਨਾਂ ਕੋਲ ਆਏ ਹਨ।
ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੁਕਸਾਨ ਦੇ ਜਾਇਜ਼ੇ ਲਈ ਤੁਰੰਤ ਗਿਰਦਾਵਰੀ ਦੇ ਹੁਕਮ ਦੇਣ ਅਤੇ ਕਿਹਾ ਕਿ ਗਿਰਦਾਵਰੀ ਹੋਣ ਤੱਕ ਪ੍ਰਭਾਵਤ ਕਿਸਾਨਾਂ ਨੂੰ 25-25 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਅੰਤਰਿਮ ਮੁਆਵਜ਼ਾ ਦਿੱਤਾ ਜਾਵੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ, ਜਿਹਨਾਂ ਨੇ ਕਿਸਾਨਾਂ ਨੂੰ ਫਸਲੀ ਨੁਕਸਾਨ ਹੋਣ ਦਾ ਅਗਾਊਂ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ, ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਹੁਣ ਤੱਕ ਮੁਆਵਜ਼ਾ ਦੇਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸਾਰੀਆਂ ਫਸਲਾਂ ’ਤੇ ਐਮ ਐਸ ਪੀ ਦੇਣ ਦਾ ਕਿਸਾਨਾਂ ਨਾਲ ਵਾਅਦਾ ਕਰਨ ਤੋਂ ਬਾਅਦ ਉਹਨਾਂ ਨਾਲ ਧੋਖਾ ਕੀਤਾ ਤੇ ਉਹ ਕਿਸਾਨਾਂ ਦੀਆਂ ਦਾਲਾਂ ਤੇ ਮੱਕੀ ਦੀ ਫਸਲ ਵੀ ਐਮ ਐਸ ਪੀ ’ਤੇ ਖਰੀਦਣ ਵਿਚ ਨਾਕਾਮ ਰਹੇ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਆਪ ਸਰਕਾਰ ਨੂੰ ਇਸ ਕਿਸਾਨ ਵਿਰੋਧੀ ਨੀਤੀ ’ਤੇ ਚਲਦੇ ਰਹਿਣ ਦੀ ਆਗਿਆ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਜੇਕਰ ਗੜ੍ਹੇਮਾਰੀ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਅਸੀਂ ਕਿਸਾਨਾਂ ਵਾਸਤੇ ਨਿਆਂ ਲੈਣ ਵਾਸਤੇ ਸੰਘਰਸ਼ ਸ਼ੁਰੂ ਕਰਾਂਗੇ। ਉਹਨਾਂ ਇਹ ਵੀ ਮੰਗ ਕੀਤੀ ਕਿ ਕਿਸਾਨ ਜਿਹਨਾਂ ਦੀਆਂ ਆਲੂ ਤੇ ਸਬਜ਼ੀਆਂ ਦੀ ਫਸਲ ਗੜ੍ਹੇਮਾਰੀ ਕਾਰਨ ਤਬਾਹ ਹੋ ਗਈ, ਉਹਨਾਂ ਨੂੰ ਵੀ ਫੌਰੀ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨਾਲ ਫੋਨ ’ਤੇ ਗੱਲ ਕੀਤੀ ਤੇ ਉਹਨਾਂ ਨੂੰ ਮੁਆਵਜ਼ੇ ਦਾ ਮਾਮਲਾ ਵਿਧਾਨ ਸਭਾ ਵਿਚ ਚੁਕਣ ਵਾਸਤੇ ਆਖਿਆ। ਇਸ ਮਗਰੋਂ ਦਾਖਾ ਹਲਕੇ ਦੇ ਵਿਧਾਇਕ ਸਰਦਾਰ ਇਯਾਲੀ ਨੇ ਪ੍ਰਭਾਵਤ ਕਿਸਾਨਾਂ ਨੂੰ ਬਿਨਾਂ ਦੇਰੀ ਦੇ ਢੁਕਵਾਂ ਮੁਆਵਜ਼ਾ ਦੇਣ ਦਾ ਮੁੱਦਾ ਚੁੱਕਦਿਆਂ ਮੁੱਖਮੰਤਰੀ ਨੂੰ ਇਸਦੇ ਹੁਕਮ ਦੇਣ ਦੀ ਅਪੀਲ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਤੇ ਭੁੱਚੋ ਹਲਕੇ ਦੇ ਇੰਚਾਰਜ ਮਾਨ ਸਿੰਘ ਵੀ ਮੌਜੂਦ ਸਨ।
Follow the RNI News channel on WhatsApp: https://whatsapp.com/channel/0029VaBPp7rK5cD6XB2Xp81Z
What's Your Reaction?