ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦੇ ’ਤੇ ਬਣੇ ਰਹਿਣ ਦੇ ਸਾਰੇ ਨੈਤਿਕ ਅਧਿਕਾਰ ਗੁਆਏ: ਹਰਸਿਮਰਤ ਕੌਰ ਬਾਦਲ
ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਨੇ ਸਾਂਝੇ ਤੌਰ ’ਤੇ ਰਲ ਕੇ ਅਕਾਲੀ ਦਲ ਦੀ ਬਦਨਾਮੀ ਕੀਤੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਜ਼ਿਮਨੀ ਚੋਣਾਂ ਲਈ ਤਿਆਰ ਰਹਿਣ ਦੀ ਕੀਤੀ ਅਪੀਲ। ਜੀਵਨ ਗੁਪਤਾ/ਪਰਵੀਨ ਕੁਮਾਰ
ਮਾਨਸਾ/ਸਰਦੂਲਗੜ੍ਹ (RNI) ਸਾਬਕਾ ਕੇਂਦਰੀ ਮੰਤਰੀ ਤੇ ਚਾਰ ਵਾਰ ਦੇ ਬਠਿੰਡਾ ਤੋਂ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਲੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਵੱਲੋਂ ਪਾਰਲੀਮਾਨੀ ਚੋਣਾਂ ਵਿਚ 117 ਵਿਚੋਂ ਸਿਰਫ 33 ਸੀਟਾਂ ’ਤੇ ਲੀਡ ਹਾਸਲ ਕਰਨ ਕਰ ਕੇ ਸੱਤਾ ਵਿਚ ਰਹਿਣ ਦਾ ਹੱਕ ਗੁਆ ਲਿਆ ਹੈ।
ਇਥੇ ਮਾਨਸਾ ਤੇ ਸਰਦੂਲਗੜ੍ਹ ਵਿਚ ਧੰਨਵਾਦੀ ਦੌਰਿਆਂ ਦੌਰਾਨ ਉਤਸ਼ਾਹੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੇ ਭਗਵੰਤ ਮਾਨ ਨੂੰ ਦੱਸ ਦਿੱਤਾ ਹੈ ਕਿ ਉਹ ਕਿੰਨੇ ਲੋਕਪ੍ਰਿਅ ਹਨ। ਉਹਨਾਂ ਕਿਹਾ ਕਿ ਹੁਣ ਭਗਵੰਤ ਮਾਨ ਨੂੰ ਨੈਤਿਕ ਦਲੇਰੀ ਵਿਖਾਉਂਦਿਆਂ ਤੁਰੰਤ ਆਪਣੇ ਅਹੁਦੇ ਤੇ ਸੀਟ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾਂ ਇਸ ਕਰ ਕੇ ਵੀ ਲਾਜ਼ਮੀ ਹੈ ਕਿਉਂਕਿ ਆਪ ਨੇ ਭਗਵੰਤ ਮਾਨ ਦੇ ਨਾਂ ’ਤੇ ਚੋਣਾਂ ਲੜੀਆਂ ਤੇ ਲੋਕਾਂ ਨੇ ਉਹਨਾਂ ਨੂੰ ਠੁਕਰਾ ਦਿੱਤਾ।
ਮਾਨਸਾ ਦੇ ਪਿੰਡ ਫਫੜੇ ਭਾਈ ਵਿਖੇ ਅਕਾਲੀ ਦਲ ਦੀ ਕਾਰਗੁਜ਼ਾਰੀ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਨੇ ਰਲ ਕੇ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਬਦਨਾਮੀ ਕੀਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨੇ ਆਪੋ ਆਪਣੀਆਂ ਸੀਟਾਂ ’ਤੇ ਉਮੀਦਵਾਰ ਵੀ ਉਹ ਚੁਣੇ ਜੋ ਉਹਨਾਂ ਨੂੰ ਢੁਕਵੇਂ ਲੱਗਦੇ ਸਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਤਿੰਨੋਂ ਪਾਰਟੀਆਂ ਕਾਂਗਰਸ, ਆਪ ਤੇ ਭਾਜਪਾ ਨੇ ਰਲ ਕੇ ਅਕਾਲੀ ਦਲ ਦਾ ਵਿਰੋਧ ਕੀਤਾ।
ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੇ ਇਹ ਸਾਜ਼ਿਸ਼ ਤੇ ਖੇਡ ਸਮਝ ਲਈ ਤੇ ਇਸੇ ਕਾਰਨ ਉਹਨਾਂ ਨੂੰ ਵਿਸ਼ਵਾਸ ਹੈ ਕਿ ਆਉਂਦੀਆਂ ਜ਼ਿਮਨੀ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਹੋਵੇਗੀ। ਉਹਨਾਂ ਨੇ ਪਾਰਟੀ ਕੇਡਰ ਨੂੰ ਅਪੀਲ ਕੀਤੀ ਕਿ ਉਹ ਜ਼ਿਮਨੀ ਚੋਣਾਂ ਵਿਚ ਪਾਰਟੀ ਦੀ ਡੱਟ ਕੇ ਹਮਾਇਤ ਕਰਨ।
ਆਪਣੀ ਜਿੱਤ ਨੂੰ ਲੋਕਾਂ ਦੀ ਜਿੱਤ ਕਰਾਰ ਦਿੰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਵਲ ਤੇ ਪੁਲਿਸ ਅਫਸਰਾਂ ’ਤੇ ਦਬਾਅ ਬਣਾ ਕੇ ਆਪ ਉਮੀਦਵਾਰ ਦੀ ਜਿੱਤ ਲਈ ਕੰਮ ਕਰਨ ਵਾਸਤੇ ਦਬਾਅ ਬਣਾਇਆ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਇਹ ਲੋਕਾਂ ਨੇ ਵੇਖਣਾ ਹੈ ਕਿ ਉਹਨਾਂ ਨੇ ਆਮ ਉਮੀਦਵਾਰ ਨੂੰ ਕਿਉਂ ਰੱਦ ਕੀਤਾ ਜੋ ਖੇਤੀਬਾੜੀ ਮੰਤਰੀ ਹੋਣ ਦੇ ਬਾਵਜੂਦ ਅਸਫਲ ਕਿਉਂ ਰਹੇ ਹਨ।
ਸਰਦਾਰਨੀ ਬਾਦਲ ਨੇ ਕਿਹਾ ਕਿ ਲੋਕਾਂ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਦੇ ਸਿੱਧੇ ਦਖਲ ਦੇ ਬਾਵਜੂਦ ਬੂਥ ਪੱਧਰ ’ਤੇ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਈ।
ਸਰਦਾਰਨੀ ਬਾਦਲ ਦਾ ਇਸ ਧੰਨਵਾਦੀ ਦੌਰੇ ਦੌਰਾਨ ਨਿੱਘਾ ਸਵਾਗਤ ਕੀਤਾ ਗਿਆ ਤੇ ਲੋਕਾਂ ਨੇ ਉਹਨਾਂ ਨੂੰ ਹਾਰ ਪਾ ਕੇ ਤੇ ਫੁੱਲ ਪੱਤੀਆਂ ਦੀ ਵਰਖਾ ਕਰ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਉਹ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਣ ਵਾਸਤੇ ਸੰਸਦ ਵਿਚ ਉਹਨਾਂ ਦੇ ਮਸਲੇ ਜ਼ੋਰਦਾਰ ਢੰਗ ਨਾਲ ਚੁੱਕਣਗੇ।
ਸਰਦਾਰਨੀ ਬਾਦਲ ਨੇ ਇਹ ਵੀ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਿੱਖ ਕੌਮ ਜੂਨ ਦੇ ਪਹਿਲੇ ਪਹਿਲੇ ਹਫਤੇ ਵਿਚ ਘੱਲੂਘਾਰਾ ਦਿਵਸ ਮਨਾਉਂਦੀ ਹੈ ਜਿਸ ਦੌਰਾਨ ਇੰਦਰਾ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਹਰਿਮੰਦਿਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਪਰ ਇਸਦੇ ਬਾਵਜੂਦ ਪੰਜਾਬੀਆਂ ਨੇ ਕਾਂਗਰਸ ਲਈ ਵੋਟਾਂ ਪਾ ਦਿੱਤੀਆਂ ਜਿਸਨੇ ਸਾਕਾ ਨੀਲਾ ਤਾਰਾ ਕਰਵਾਇਆ ਸੀ ਤੇ ਬਾਅਦ ਵਿਚ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ।
ਸਰਦਾਰਨੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਿਧਾਂਤਾਂ ਦੀ ਪਾਰਟੀ ਹੈ ਤੇ ਉਹ ਦਰਿਆਈ ਪਾਣੀਆਂ, ਇਸਦੇ ਰਾਜਧਾਨੀ ਸ਼ਹਿਰ ਚੰਡੀਗੜ੍ਹ, ਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਜਾਬ ਦੇ ਮੁੱਦਿਆਂ ’ਤੇ ਕਦੇ ਵੀ ਸਮਝੌਤਾ ਨਹੀਂ ਕਰੇਗਾ। ਉਹਨਾਂ ਕਿਹਾ ਕਿ ਸਾਡੇ ਲਈ ਪੰਜਾਬ ਤੇ ਪੰਜਾਬੀ ਪਹਿਲਾਂ ਹਨ। ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀਆਂ ਖੇਤਰੀ ਇੱਛਾਵਾਂ ਦੀ ਪੂਰਤੀ ਵਾਸਤੇ ਡੱਟ ਕੇ ਕੰਮ ਕਰਦਾ ਰਹੇਗਾ।
Follow RNI News Channel on WhatsApp: https://whatsapp.com/channel/0029VaBPp7rK5cD6XB2
What's Your Reaction?